ਰਾਮਕਲੀ ਰਾਗ ਸਰੋਤ : ਸਿੱਖ ਪੰਥ ਵਿਸ਼ਵਕੋਸ਼, ਗੁਰ ਰਤਨ ਪਬਲਿਸ਼ਰਜ਼, ਪਟਿਆਲਾ।

ਰਾਮਕਲੀ ਰਾਗ (ਬਾਣੀ): ਗੁਰੂ ਗ੍ਰੰਥ ਸਾਹਿਬ ਦੇ ਇਸ ਰਾਗ ਵਿਚ ਕੁਲ 81 ਚਉਪਦੇ , 22 ਅਸ਼ਟਪਦੀਆਂ , ਇਕ ਅਨੰਦੁ ਮ.੩, ਇਕ ਸਦ , ਛੇ ਛੰਤ (ਰੁਤੀ ਸਮੇਤ), ਇਕ ਓਅੰਕਾਰ ਮ. ੧, ਇਕ ਸਿਧ-ਗੋਸਟਿ ਮ.੧, ਦੋ ਵਾਰਾਂ (ਇਕ ਮਹਲੇ ਤੀਜੇ ਅਤੇ ਇਕ ਮਹਲੇ ਪੰਜਵੇਂ ਦੀ) ਅਤੇ ਇਕ ‘ਰਾਇ ਬਲਵੰਡ ਅਤੇ ਸਤੈ ਡੂੰਮ ਕੀ ਵਾਰ ’ ਹੈ। ਭਗਤ-ਬਾਣੀ ਵਿਚ 18 ਸ਼ਬਦ ਹਨ ਜਿਨ੍ਹਾਂ ਵਿਚ 12 ਕਬੀਰ ਦੇ, ਚਾਰ ਨਾਮਦੇਵ ਦੇ, ਇਕ ਰਵਿਦਾਸ ਦਾ ਅਤੇ ਇਕ ਬੇਣੀ ਦਾ ਹੈ।

ਕੁਲ 81 ਚਉਪਦਿਆਂ ਵਿਚੋਂ 11 ਗੁਰੂ ਨਾਨਕ ਦੇਵ ਜੀ ਦੇ ਹਨ ਜਿਨ੍ਹਾਂ ਵਿਚੋਂ ਦਸਾਂ ਵਿਚ ਚਾਰ ਚਾਰ ਪਦੇ ਅਤੇ ਇਕ ਵਿਚ ਤਿੰਨ ਪਦੇ ਹਨ। ਗੁਰੂ ਜੀ ਨੇ ਦਸਿਆ ਹੈ ਕਿ ਸੰਸਾਰ ਦੀਆਂ ਸੁੰਦਰ ਵਸਤੂਆਂ ਵਿਚ ਮਨ ਲਗਾਉਣ ਦੀ ਥਾਂ ਉਨ੍ਹਾਂ ਦੇ ਸਿਰਜਕ ਪਰਮਾਤਮਾ ਵਲ ਧਿਆਨ ਦੇਣਾ ਚਾਹੀਦਾ ਹੈ। ਗੁਰੂ ਅਮਰਦਾਸ ਜੀ ਨੇ ਆਪਣੇ ਇਕ ਛਿ-ਪਦੇ ਵਿਚ ਹਰ ਯੁਗ ਵਿਚ ਕਾਇਮ ਰਹਿਣ ਵਾਲੇ ਹਰਿ-ਨਾਮ ਦੇ ਜਾਪ ਉਤੇ ਬਲ ਦਿੱਤਾ ਹੈ। ਗੁਰੂ ਰਾਮਦਾਸ ਜੀ ਦੇ ਛੇ ਚਉਪਦਿਆਂ ਵਿਚੋਂ ਪੰਜਾਂ ਵਿਚ ਚਾਰ ਚਾਰ ਅਤੇ ਇਕ ਵਿਚ ਪੰਜ ਪਦੇ ਸ਼ਾਮਲ ਹਨ। ਇਨ੍ਹਾਂ ਵਿਚ ਦਸਿਆ ਗਿਆ ਹੈ ਕਿ ਸਭ ਦੇ ਅੰਦਰ ਵਸਦਾ ਪਰਮਾਤਾਮ ਗੁਰੂ ਵਲੋਂ ਦਿੱਤੀ ਸੇਧ ਨਾਲ ਹੀ ਲਭਿਆ ਜਾ ਸਕਦਾ ਹੈ। ਗੁਰੂ ਅਰਜਨ ਦੇਵ ਜੀ ਦੇ 60 ਚਉਪਦਿਆਂ ਵਿਚੋਂ 54 ਚਾਰ ਚਾਰ ਪਦਿਆਂ ਦੇ ਸਮੁੱਚ ਹਨ, ਚਾਰ ਵਿਚ ਦੋ ਦੋ, ਇਕ ਵਿਚ ਤਿੰਨ ਅਤੇ ਇਕ ਵਿਚ ਪੰਜ ਪਦੇ ਹਨ। ਇਨ੍ਹਾਂ ਵਿਚ ਗੁਰੂ ਜੀ ਨੇ ਗੁਰਮਤਿ ਦੇ ਕਈ ਅਹਿਮ ਨੁਕਤਿਆਂ ਉਤੇ ਝਾਤ ਪਾਈ ਹੈ। ਗੁਰੂ ਤੇਗ ਬਹਾਦਰ ਜੀ ਨੇ ਆਪਣੇ ਤਿੰਨ ਤ੍ਰਿਪਦਿਆਂ ਵਿਚ ਉਸ ਜੁਗਤ ਨੂੰ ਹਾਸਲ ਕਰਨ ਦੀ ਇੱਛਾ ਪ੍ਰਗਟਾਈ ਹੈ ਜਿਸ ਨਾਲ ਪਰਮਾਤਮਾ ਦੀ ਸ਼ਰਣ ਵਿਚ ਪਹੁੰਚਿਆ ਜਾ ਸਕਦਾ ਹੈ।

ਅਸ਼ਟਪਦੀਆਂ ਪ੍ਰਕਰਣ ਦੀਆਂ 22 ਅਸ਼ਟਪਦੀਆਂ ਵਿਚੋਂ ਨੌਂ ਗੁਰੂ ਨਾਨਕ ਦੇਵ ਜੀ ਦੀਆਂ ਹਨ ਜਿਨ੍ਹਾਂ ਵਿਚੋਂ ਪੰਜ ਵਿਚ ਅੱਠ ਅੱਠ ਪਦੀਆਂ ਹਨ ਅਤੇ ਬਾਕੀਆਂ ਵਿਚੋਂ ਇਕ ਵਿਚ ਨੌਂ, ਇਕ ਵਿਚ ਦਸ , ਇਕ ਵਿਚ 12 ਅਤੇ ਇਕ ਵਿਚ 25 ਪਦੀਆਂ ਹਨ। ਇਨ੍ਹਾਂ ਵਿਚ ਚਾਰ ਯੁਗਾਂ ਬਾਰੇ ਭਰਮ ਨੂੰ ਖ਼ਤਮ ਕਰਦਿਆਂ ਗੁਰੂ ਜੀ ਨੇ ਦਸਿਆ ਹੈ ਕਿ ਕਲਿਯੁਗ ਕਿਤੇ ਆਇਆ ਸੁਣਿਆ ਨਹੀਂ ਹੈ। ਗੁਰੂ ਅਮਰਦਾਸ ਜੀ ਦੀਆਂ ਪੰਜ ਅਸ਼ਟਪਦੀਆਂ ਵਿਚੋਂ ਇਕ ਵਿਚ 12, ਦੋ ਵਿਚ ਇੱਕੀ ਇੱਕੀ, ਇਕ ਵਿਚ 27 ਅਤੇ ਇਕ ਵਿਚ 30 ਪਦੀਆਂ ਹਨ। ਇਨ੍ਹਾਂ ਵਿਚ ਗੁਰੂ ਜੀ ਨੇ ਯੋਗੀਆਂ ਦੇ ਚਿੰਨ੍ਹਾਂ ਦਾ ਭਾਵੀਕਰਣ ਕਰਕੇ ਗੁਰਮਤਿ ਦੀ ਰਹਿਣੀ ਨੂੰ ਸਪੱਸ਼ਟ ਕੀਤਾ ਹੈ। ਗੁਰੂ ਅਰਜਨ ਦੇਵ ਦੀਆਂ ਲਿਖੀਆਂ ਅੱਠ ਅਸ਼ਟਪਦੀਆਂ ਵਿਚੋਂ ਸੱਤ ਵਿਚ ਅੱਠ ਅੱਠ ਅਤੇ ਇਕ ਵਿਚ 21 ਪਦੀਆਂ ਹਨ। ਇਨ੍ਹਾਂ ਵਿਚ ਦਸਿਆ ਗਿਆ ਹੈ ਕਿ ਗੁਰੂ ਦੀ ਕ੍ਰਿਪਾ ਨਾਲ ਹਰਿ-ਨਾਮ ਦੀ ਪ੍ਰਾਪਤੀ ਹੁੰਦੀ ਹੈ ਜੋ ਅਸਲ ਵਿਚ ਨਿਰਮੋਲਕ ਹੀਰਾ ਹੈ। ਹੋਰਨਾਂ ਪੂਜਾ-ਸਾਧਨਾ ਰਾਹੀਂ ਤਸੱਲੀ ਨਹੀਂ ਹੁੰਦੀ ਕਿਉਂਕਿ ਨਾਮ ਦੇ ਤੁੱਲ ਹੋਰ ਕੋਈ ਵਸਤੂ ਨਹੀਂ ਹੈ।

ਇਸ ਤੋਂ ਬਾਦ ਅਨੰਦੁ ਮ.੩, ਸਦ, ਰੁਤੀ ਮ.੫, ਓਅੰਕਾਰ ਮ.੧, ਸਿਧ-ਗੋਸਟਿ ਮ.੧, ਰਾਮਕਲੀ ਕੀ ਵਾਰ ਮ.੩, ਰਾਮਕਲੀ ਕੀ ਵਾਰ ਮ.੫ ਅਤੇ ‘ਰਾਇ ਬਲਵੰਡ ਅਤੇ ਸਤੈ ਡੂੰਮ ਕੀ ਵਾਰ’ ਬਾਰੇ ਸੁਤੰਤਰ ਇੰਦਰਾਜ ਵੇਖੋ।

ਛੰਤ ਪ੍ਰਕਰਣ ਵਿਚ ਗੁਰੂ ਅਰਜਨ ਦੇਵ ਜੀ ਦੇ ਲਿਖੇ ਛੰਤਾਂ ਦੀ ਆਖ਼ੀਰ ਉਤੇ ਦਿੱਤੀ ਗਿਣਤੀ ਛੇ ਹੈ, ਪਰ ਅੰਤਲੇ ਛੰਤ ਵਿਚ ਰੁਤਾਂ ਦਾ ਵਰਣਨ ਹੈ। ਇਸ ਲਈ ਛੰਤਾਂ ਦੀ ਗਿਣਤੀ ਪੰਜ ਹੈ। ਇਹ ਪੰਜੇ ਚਾਰ ਚਾਰ ਪਦਿਆਂ ਦੇ ਹਨ, ਪਰ ਪੰਜਵੇਂ ਛੰਤ ਦੇ ਹਰ ਪਦੇ ਤੋਂ ਪਹਿਲਾਂ ਇਕ ਇਕ ਸ਼ਲੋਕ ਵੀ ਦਰਜ ਹੈ। ਇਨ੍ਹਾਂ ਛੰਤਾਂ ਦੇ ਮੁਕਣ ਤੋਂ ਬਾਦ ਬਿਨਾ ਕਿਸੇ ਪ੍ਰਕਾਰ ਦੇ ਗਿਣਤੀ-ਅੰਕ ਦਿੱਤੇ ਦੋ ਤੁਕਾਂ ਇਸ ਪ੍ਰਕਾਰ ਲਿਖੀਆਂ ਹਨ—ਰਣਝੁੰਝਨੜਾ ਗਾਉ ਸਖੀ ਹਰਿ ਏਕੁ ਧਿਆਵਹੁ ਸਤਿਗੁਰੁ ਤੁਮ ਸੇਵਿ ਸਖੀ ਮਨਿ ਚਿੰਦਿਅੜਾ ਫਲੁ ਪਾਵਹੁ (ਗੁ.ਗ੍ਰੰ.927)। ਇਨ੍ਹਾਂ ਛੰਤਾਂ ਵਿਚ ਗੁਰੂ ਜੀ ਨੇ ਦਸਿਆ ਹੈ ਕਿ ਪਰਮਾਤਮਾ ਸਦਾ ਮਨੁੱਖਾਂ ਵਿਚ ਵਸਦਾ ਹੈ, ਪਰ ਮਾਇਆ ਕਰਕੇ ਵਿਥ ਬਣੀ ਹੋਈ ਹੈ।

ਭਗਤ-ਬਾਣੀ ਪ੍ਰਕਰਣ ਦੇ 18 ਸ਼ਬਦਾਂ ਵਿਚੋਂ 12 ਸੰਤ ਕਬੀਰ ਦੇ ਹਨ। ਇਨ੍ਹਾਂ ਵਿਚ ਹਰਿ-ਰਸ ਦੇ ਸਰੂਪ ਨੂੰ ਸਪੱਸ਼ਟ ਕਰਕੇ ਇਸ ਦਾ ਸੁਆਦ ਮਾਣਨ ਲਈ ਪ੍ਰੇਰਣਾ ਦਿੱਤੀ ਗਈ ਹੈ। ਭਗਤ ਨਾਮਦੇਵ ਨੇ ਆਪਣੇ ਚਾਰ ਸ਼ਬਦਾਂ ਵਿਚ ਮਨ ਦੇ ਟਿਕਾਉ ਅਤੇ ਹਰਿ-ਭਗਤੀ ਵਿਚ ਪੂਰੀ ਮਗਨਤਾ ਦੀ ਅਨੇਕ ਉਦਾਹਰਣਾਂ ਰਾਹੀਂ ਪੁਸ਼ਟੀ ਕੀਤੀ ਹੈ। ਕਰਮ-ਕਾਂਡਾਂ ਵਿਚ ਫਸਣਾ ਮਨ-ਮਤ ਹੈ। ਰਵਿਦਾਸ ਜੀ ਨੇ ਆਪਣੇ ਇਕ ਸ਼ਬਦ ਰਾਹੀਂ ਹਉਮੈ ਵਿਚ ਕਰਮ ਕਰਨ ਤੋਂ ਜਿਗਿਆਸੂ ਨੂੰ ਰੋਕਿਆ ਹੈ। ਬੇਣੀ ਭਗਤ ਨੇ ਆਪਣੇ ਇਕ ਸ਼ਬਦ ਵਿਚ ਯੋਗੀਆਂ ਦੇ ਸਮਾਨਾਂਤਰ ਹਰਿ-ਭਗਤੀ ਅਤੇ ਨਾਮ-ਸਿਮਰਨ ਦੀਆਂ ਜੁਗਤਾਂ ਉਤੇ ਪ੍ਰਕਾਸ਼ ਪਾਇਆ ਹੈ।


ਲੇਖਕ : ਡਾ. ਰਤਨ ਸਿੰਘ ਜੱਗੀ,
ਸਰੋਤ : ਸਿੱਖ ਪੰਥ ਵਿਸ਼ਵਕੋਸ਼, ਗੁਰ ਰਤਨ ਪਬਲਿਸ਼ਰਜ਼, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 4581, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-03-10, ਹਵਾਲੇ/ਟਿੱਪਣੀਆਂ: no

ਰਾਮਕਲੀ ਰਾਗ ਸਰੋਤ : ਪੰਜਾਬ ਕੋਸ਼–ਜਿਲਦ ਦੂਜੀ, ਭਾਸ਼ਾ ਵਿਭਾਗ ਪੰਜਾਬ

ਰਾਮਕਲੀ (ਰਾਗ) : ਭੈਰਵ ਥਾਟ ਦਾ ਸ਼ਾੜਵ-ਸੰਪੂਰਨ ਜਾਤੀ ਵਾਲਾ ਇਕ ਰਾਗ ਜਿਸ ਦੇ ਨਾਦਾਤਮਕ ਸਰੂਪ ਵਿਚ ਰਿਸ਼ਭ ਅਤੇ ਧੈਵਤ ਕੋਮਲ, ਦੋ ਮਧਿਅਮ ਦੋ ਨਿਸ਼ਾਦ ਅਤੇ ਬਾਕੀ ਸਾਰੇ ਸੁਰ ਸ਼ੁੱਧ ਲਗਦੇ ਹਨ। ਇਸ ਦੀ ਆਰੋਹੀ ਵਿਚ ਰਿਸ਼ਭ ਦਾ ਤਿਆਗ ਕੀਤਾ ਜਾਂਦਾ ਹੈ। ਇਸ ਦਾ ਵਾਦੀ ਸੁਰ ਧੈਵਤ ਸੰਵਾਦੀ ਰਿਸ਼ਭ ਹੈ ਅਤੇ ਗਾਉਣ ਦਾ ਸਮਾਂ ਸਵੇਰ ਦਾ ਪਹਿਲਾ ਪਹਿਰ ਹੈ।

ਸ੍ਰੀ ਗੁਰੂ ਗ੍ਰੰਥ ਸਾਹਿਬ ਵਿਚ ਇਸ ਰਾਗ ਦਾ ਨੰਬਰ ਅਠਾਰ੍ਹਵਾਂ ਹੈ ਅਤੇ ਇਹ ਪੰਨਾ ਨੰਬਰ 876 ਤੋਂ 974 ਤਕ ਵਿਸਤ੍ਰਿਤ ਹੈ। ਇਸ ਵਿਚ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਸ਼ਬਦ, ਅਸਟਪਦੀਆਂ, ਦਖਣੀ ਓਅੰਕਾਰ ਅਤੇ ਸਿਧ ਗੋਸਟਿ; ਸ੍ਰੀ ਗੁਰੂ ਅਮਰਦਾਸ ਜੀ ਦਾ ਇਕ ਸ਼ਬਦ, ਅਸਟਪਦੀਆਂ, ਅਨੰਦੁ ਸਾਹਿਬ ਅਤੇ ਇਕ ਵਾਰ; ਸ੍ਰੀ ਗੁਰੂ ਰਾਮਦਾਸ ਜੀ ਦਾ ਇਕ ਸ਼ਬਦ, ਸ੍ਰੀ ਗੁਰੂ ਅਰਜਨ ਦੇਵ ਜੀ ਦੇ ਸ਼ਬਦ, ਅਸਟਪਦੀਆਂ, ਛੰਤ ਅਤੇ ਵਾਰ; ਸ੍ਰੀ ਗੁਰੂ ਤੇਗ ਬਹਾਦਰ ਜੀ ਦੇ ਸ਼ਬਦ; ਬਾਬਾ ਸੁੰਦਰ ਜੀ ਦੀ ਸਦੁ; ਸਤੇ ਅਤੇ ਬਲਵੰਡ ਦੀ ਵਾਰ; ਕਬੀਰ ਜੀ, ਨਾਮਦੇਵ ਜੀ, ਰਵਿਦਾਸ ਜੀ ਅਤੇ ਬੇਣੀ ਜੀ ਦੇ ਸ਼ਬਦ ਦਰਜ ਹਨ।


ਲੇਖਕ : ਭਾਸ਼ਾ ਵਿਭਾਗ, ਪੰਜਾਬ,
ਸਰੋਤ : ਪੰਜਾਬ ਕੋਸ਼–ਜਿਲਦ ਦੂਜੀ, ਭਾਸ਼ਾ ਵਿਭਾਗ ਪੰਜਾਬ, ਹੁਣ ਤੱਕ ਵੇਖਿਆ ਗਿਆ : 2066, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2018-06-21-12-05-37, ਹਵਾਲੇ/ਟਿੱਪਣੀਆਂ: ਹ. ਪੁ. –ਮ. ਕੋ. : ਸ਼ਬਦਾਰਥ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ, ਪੋਥੀ ਤੀਜੀ : ਗਾਵਹੁ ਸਚੀ ਬਾਣੀ- ਡਾ. ਰਘਬੀਰ ਸਿੰਘ; ਆਦਿ ਗ੍ਰੰਥ ਰਾਗ ਕੋਸ਼-ਡਾ. ਗੁਰਨਾਮ ਸਿੰਘ

ਵਿਚਾਰ / ਸੁਝਾਅ



Please Login First


    © 2017 ਪੰਜਾਬੀ ਯੂਨੀਵਰਸਿਟੀ,ਪਟਿਆਲਾ.